ਦਿਨ 3 / 30
ਸ਼ਾਨਦਾਰ ਤੋਹਫ਼ੇ
ਬਾਈਬਲ ਵਿੱਚੋਂ ਪਾਠ
ਜਾਂ ਤੁਹਾਡੇ ਵਿੱਚੋਂ ਕੌਣ ਅਜਿਹਾ ਹੈ, ਕਿ ਜਦੋਂ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸ ਨੂੰ ਪੱਥਰ ਦੇਵੇ? 10 ਅਤੇ ਜਦੋਂ ਮੱਛੀ ਮੰਗੇ ਤਾਂ ਉਹ ਉਸ ਨੂੰ ਸੱਪ ਦੇਵੇ? 11 ਜਦੋਂ ਤੁਸੀਂ ਬੁਰੇ ਹੋ ਕੇ, ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਕਿੰਨੀਆਂ ਵਧੇਰੇ ਚੰਗੀਆਂ ਵਸਤੂਆਂ ਕਿਉਂ ਨਾ ਦੇਵੇਗਾ?
ਜਦੋਂ ਮੈਂ ਛੋਟੀ ਜਿਹੀ ਕੁੜੀ ਸੀ, ਇੱਕ ਦਿਨ ਸਕੂਲ ਵਿੱਚ ਸਪੀਕਰ ਉੱਤੇ ਐਲਾਨ ਹੋਇਆ ਕਿ ਕੁਝ ਕਤੂਰੇ ਮੁਫ਼ਤ ਮਿਲ ਰਹੇ ਹਨ। ਪਾਪਾ ਅਤੇ ਮੈਂ ਪਹਿਲਾਂ ਹੀ ਕਤੂਰਾ ਲੈਣ ਬਾਰੇ ਗੱਲ ਕਰ ਚੁੱਕੇ ਸੀ। ਉਸ ਦਿਨ ਜਦੋਂ ਮੈਂ ਘਰ ਗਈ, ਮੈਨੂੰ ਪੱਕਾ ਯਕੀਨ ਸੀ ਕਿ ਅਸੀਂ ਕੁੱਤਾ ਲੈ ਕੇ ਆਵਾਂਗੇ! ਮੈਂ ਬੱਸ ਪਾਪਾ ਨੂੰ ਕਤੂਰਿਆਂ ਬਾਰੇ ਦੱਸਿਆ ਅਤੇ ਅਸੀਂ ਜਾ ਕੇ ਇੱਕ ਪਸੰਦ ਕਰ ਲਿਆ। ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਨੂੰ ਕਤੂਰੇ ਲਈ ਉਨ੍ਹਾਂ ਦੀਆਂ ਮਿੰਨਤਾਂ ਨਹੀਂ ਕਰਨੀਆਂ ਪਈਆਂ... ਮੈਨੂੰ ਰੋਣਾ ਜਾਂ ਤਰਲੇ ਨਹੀਂ ਕਰਨੇ ਪਏ… ਮੈਨੂੰ ਪਤਾ ਸੀ ਕਿ ਪਾਪਾ ਮੈਨੂੰ ਕਤੂਰਾ ਲੈ ਕੇ ਦੇਣ ਲਈ ਰਾਜ਼ੀ ਵੀ ਸਨ ਅਤੇ ਲੈ ਕੇ ਦੇ ਵੀ ਸਕਦੇ ਸਨ। ਅਤੇ ਉਨ੍ਹਾਂ ਨੇ ਬਿਲਕੁਲ ਇਹੀ ਕੀਤਾ।
ਮੈਨੂੰ ਇੱਕ ਹੋਰ ਵਾਰ ਯਾਦ ਹੈ, ਜਦੋਂ ਮੈਂ ਅੱਲ੍ਹੜ ਉਮਰ ਦੀ ਸੀ, ਪਾਪਾ ਅਤੇ ਮੈਂ ਇੱਕ ਦੁਕਾਨ ਵਿੱਚ ਗਏ। ਮੈਂ ਇੱਕ ਸੋਹਣਾ ਹਰਾ ਕੋਟ ਪਾ ਕੇ ਦੇਖਿਆ। ਉਹ ਕਾਫ਼ੀ ਮਹਿੰਗਾ ਸੀ, ਪਰ ਮੇਰੇ ਪਿਤਾ ਜੀ ਨੂੰ ਉਹ ਮੇਰੇ ਉੱਤੇ ਬਹੁਤ ਸੋਹਣਾ ਲੱਗਿਆ। ਅਤੇ ਪਤਾ ਹੈ ਕੀ ਹੋਇਆ? ਉਸ ਦਿਨ ਅਸੀਂ ਕੋਟ ਲੈ ਕੇ ਹੀ ਦੁਕਾਨ ਤੋਂ ਬਾਹਰ ਆਏ!
ਜੇ ਮੇਰੇ ਪਿਤਾ ਜੀ ਨੂੰ ਮੈਨੂੰ ਸ਼ਾਨਦਾਰ ਤੋਹਫ਼ੇ ਦੇਣਾ ਇੰਨਾ ਚੰਗਾ ਲੱਗਦਾ ਸੀ, ਤਾਂ ਸਾਡਾ ਸਵਰਗੀ ਪਿਤਾ ਆਪਣੇ ਬੱਚਿਆਂ ਨੂੰ ਸ਼ਾਨਦਾਰ ਤੋਹਫ਼ੇ ਦੇਣਾ ਕਿੰਨਾ ਜ਼ਿਆਦਾ ਚਾਹੁੰਦਾ ਹੈ!
ਸਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ਾਨਦਾਰ ਤੋਹਫ਼ੇ ਕਿਵੇਂ ਦੇਣੇ ਹਨ। ਮੈਨੂੰ ਲੱਗਦਾ ਹੈ ਕਿ ਕੁਝ ਲੋਕਾਂ ਦੇ ਮਨ ਵਿੱਚ ਪਰਮੇਸ਼ੁਰ ਬਾਰੇ ਗ਼ਲਤ ਧਾਰਨਾ ਹੈ। ਉਹ ਸ਼ਾਇਦ ਸੋਚਦੇ ਹਨ ਕਿ ਪਰਮੇਸ਼ੁਰ ਸਾਰਾ ਮਜ਼ਾ ਕਿਰਕਿਰਾ ਕਰਨਾ ਚਾਹੁੰਦਾ ਹੈ। ਜੋ ਮੈਂ ਸੁਣਿਆ ਹੈ, ਪਰਮੇਸ਼ੁਰ ਤੋਂ ਬਿਨਾਂ ਲੋਕ ਅਕਸਰ ਆਪਣੇ ਆਪ ਨੂੰ ਵੱਡੀ ਮੁਸੀਬਤ ਵਿੱਚ ਫਸਾ ਲੈਂਦੇ ਹਨ। ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਬਹੁਤ ਸਾਰੇ ਦਰਦ, ਦਿਲ ਦੇ ਦੁੱਖ ਅਤੇ ਗ਼ਮ ਤੋਂ ਬਚਾਉਣਾ ਚਾਹੁੰਦਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਉਹ ਕਰੋ ਜਿਸ ਲਈ ਤੁਸੀਂ ਜੰਮੇ ਹੋ! ਉਹ ਤੁਹਾਨੂੰ ਅਜ਼ਾਦ ਕਰਨਾ ਚਾਹੁੰਦਾ ਹੈ, ਤਾਂ ਜੋ ਤੁਸੀਂ ਉਹ ਬਣੋ ਜੋ ਬਣਨ ਲਈ ਉਸ ਨੇ ਤੁਹਾਨੂੰ ਸੱਦਿਆ ਹੈ! ਤੁਹਾਡੀ ਜ਼ਿੰਦਗੀ ਵਿੱਚ ਆਪਣੇ ਮਕਸਦ ਪੂਰੇ ਕਰਨ ਲਈ ਜੋ ਕੁਝ ਤੁਹਾਨੂੰ ਚਾਹੀਦਾ ਹੈ, ਉਹ ਤੁਹਾਨੂੰ ਦੇਵੇਗਾ।
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਆਪਣੇ ਸਵਰਗੀ ਪਿਤਾ ਦੀ ਭਲਾਈ ਨੂੰ ਯਾਦ ਕਰਨ ਨਾਲ, ਆਪਣੀਆਂ ਲੋੜਾਂ ਉਸ ਕੋਲ ਲਿਆਉਣ ਦੇ ਤੁਹਾਡੇ ਤਰੀਕੇ ਵਿੱਚ ਕੀ ਫ਼ਰਕ ਪੈਂਦਾ ਹੈ?
ਪ੍ਰਾਰਥਨਾ
ਸਵਰਗੀ ਪਿਤਾ, ਮੈਨੂੰ ਪਿਆਰ ਕਰਨ ਅਤੇ ਮੇਰੀਆਂ ਲੋੜਾਂ ਜਾਣਨ ਲਈ ਤੁਹਾਡਾ ਧੰਨਵਾਦ। ਤੁਹਾਡੀ ਭਲਾਈ ਉੱਤੇ ਭਰੋਸਾ ਰੱਖਣ ਅਤੇ ਪੂਰੇ ਹੌਸਲੇ ਨਾਲ ਆਪਣੀਆਂ ਬੇਨਤੀਆਂ ਤੁਹਾਡੇ ਕੋਲ ਲਿਆਉਣ ਵਿੱਚ ਮੇਰੀ ਮਦਦ ਕਰੋ। ਜਿਸ ਕੰਮ ਲਈ ਤੁਸੀਂ ਮੈਨੂੰ ਸੱਦਿਆ ਹੈ, ਉਸ ਨੂੰ ਕਰਨ ਲਈ ਜੋ ਕੁਝ ਮੈਨੂੰ ਚਾਹੀਦਾ ਹੈ, ਉਹ ਮੈਨੂੰ ਦਿਓ। ਆਮੀਨ।