ਦਿਨ 4 / 30
ਉਹ ਤੁਹਾਨੂੰ ਕਦੇ ਨਹੀਂ ਤਿਆਗੇਗਾ
ਬਾਈਬਲ ਵਿੱਚੋਂ ਪਾਠ
ਤੁਹਾਡਾ ਜੀਵਨ ਮਾਇਆ ਦੇ ਲੋਭ ਤੋਂ ਦੂਰ ਰਹੇ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।
ਜਦੋਂ ਮੈਂ ਛੋਟੀ ਜਿਹੀ ਸੀ, ਮੇਰੇ ਪਿਤਾ ਜੀ ਮੈਨੂੰ ਪਾਰਕ ਵਿੱਚ ਖੇਡਣ ਲੈ ਜਾਂਦੇ ਸਨ। ਮੈਨੂੰ ਝੂਲੇ ਝੂਲਣਾ ਬਹੁਤ ਪਸੰਦ ਸੀ! ਅਸੀਂ ਕੁਝ ਦੇਰ ਉੱਥੇ ਰਹਿੰਦੇ, ਪਰ ਆਖ਼ਰ ਉਹ ਵੇਲਾ ਆ ਜਾਂਦਾ ਜਦੋਂ ਪਾਪਾ ਕਹਿੰਦੇ ਕਿ ਹੁਣ ਘਰ ਚੱਲਣਾ ਹੈ।
ਮੇਰਾ ਘਰ ਜਾਣ ਨੂੰ ਜੀਅ ਨਹੀਂ ਕਰਦਾ ਸੀ।
ਮੇਰੇ ਪਿਤਾ ਜੀ ਮੇਰੇ ਨਾਲ ਇੱਕ ਸ਼ਰਾਰਤ ਕਰਦੇ – ਉਹ ਲੁਕ ਜਾਂਦੇ। ਜਦੋਂ ਮੇਰੀਆਂ ਅੱਖਾਂ ਸਾਰੇ ਪਾਰਕ ਵਿੱਚ ਲੱਭਦੀਆਂ, ਮੈਨੂੰ ਪਿਤਾ ਜੀ ਕਿਤੇ ਵੀ ਨਜ਼ਰ ਨਾ ਆਉਂਦੇ। ਘਬਰਾਹਟ! ਮੈਂ ਪੂਰੀ ਰਫ਼ਤਾਰ ਨਾਲ ਘਰ ਵੱਲ ਭੱਜ ਪੈਂਦੀ।
ਫਿਰ ਪਿਤਾ ਜੀ ਆਪਣੀ ਲੁਕਣ ਵਾਲੀ ਥਾਂ ਤੋਂ ਬਾਹਰ ਆਉਂਦੇ ਅਤੇ ਮੈਨੂੰ ਦਿਖਾਈ ਦੇ ਜਾਂਦੇ। ਸ਼ੁਕਰ ਹੈ! ਉਹ ਅਜੇ ਵੀ ਉੱਥੇ ਹੀ ਸਨ। ਦੱਸੋ ਫਿਰ ਮੈਂ ਕੀ ਕਰਦੀ? ਮੈਂ ਸਿੱਧੀ ਭੱਜ ਕੇ ਫਿਰ ਪਾਰਕ ਵਿੱਚ ਚਲੀ ਜਾਂਦੀ!
ਜਦੋਂ ਮੈਂ ਆਪਣੀ ਜ਼ਿੰਦਗੀ ਦੀ ਇਸ ਗੱਲ ਬਾਰੇ ਸੋਚਦੀ ਹਾਂ, ਤਾਂ ਮੈਨੂੰ ਖ਼ਿਆਲ ਆਉਂਦਾ ਹੈ ਕਿ ਭਾਵੇਂ ਸਾਨੂੰ ਇਕੱਲਾਪਣ ਮਹਿਸੂਸ ਹੋਵੇ, ਪਰਮੇਸ਼ੁਰ ਸਾਨੂੰ ਕਦੇ ਨਹੀਂ ਛੱਡੇਗਾ, ਨਾ ਕਦੇ ਤਿਆਗੇਗਾ।
ਅੱਜ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਦੁਨਿਆਵੀ ਪਿਤਾਵਾਂ ਨੇ ਛੱਡ ਦਿੱਤਾ ਹੈ। ਜਦੋਂ ਉਨ੍ਹਾਂ ਦਾ ਵਾਹ ਸਵਰਗੀ ਪਿਤਾ ਨਾਲ ਪੈਂਦਾ ਹੈ, ਤਾਂ ਉਨ੍ਹਾਂ ਨੂੰ ਔਖਾ ਲੱਗਦਾ ਹੈ, ਕਿਉਂਕਿ ਉਹ ਡਰਦੇ ਹਨ ਕਿ ਉਹ ਵੀ ਉਨ੍ਹਾਂ ਨੂੰ ਛੱਡ ਜਾਵੇਗਾ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਹਮੇਸ਼ਾ ਸਾਡੇ ਨਾਲ ਹੈ ਅਤੇ ਉਹ ਸਾਨੂੰ ਕਦੇ ਨਹੀਂ ਛੱਡੇਗਾ। ਅਸੀਂ ਕਦੇ ਵੀ ਬਿਨ ਪਿਤਾ ਦੇ ਨਹੀਂ ਹੋਵਾਂਗੇ। ਭਾਵੇਂ ਸਾਡੇ ਮਾਪਿਆਂ ਨੇ ਸਾਨੂੰ ਛੱਡ ਦਿੱਤਾ ਹੋਵੇ, ਪਰਮੇਸ਼ੁਰ ਹਮੇਸ਼ਾ ਸਾਡੇ ਨੇੜੇ ਹੈ।
ਜ਼ਬੂਰ 27:10 ਇੱਕ ਸੋਹਣੀ ਆਇਤ ਹੈ ਜੋ ਪਿਤਾ ਪਰਮੇਸ਼ੁਰ ਦਾ ਦਿਲ ਦਿਖਾਉਂਦੀ ਹੈ:
ਜਦ ਮੇਰੇ ਮਾਤਾ-ਪਿਤਾ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸੰਭਾਲੇਗਾ।
ਇਹ ਉਨ੍ਹਾਂ ਲਈ ਵੱਡਾ ਦਿਲਾਸਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਮਾਂ ਜਾਂ ਪਿਓ ਨੇ ਠੁਕਰਾ ਦਿੱਤਾ ਹੈ।
ਜਦੋਂ ਮੈਂ ਸੋਚਦੀ ਹਾਂ ਕਿ ਪਿਤਾ ਜੀ ਨੂੰ ਲੁਕਣ ਵਾਲੀ ਥਾਂ ਤੋਂ ਬਾਹਰ ਆਉਂਦੇ ਦੇਖ ਕੇ ਮੈਂ ਕੀ ਕਰਦੀ ਸੀ, ਤਾਂ ਮੈਨੂੰ ਹਾਸਾ ਆ ਜਾਂਦਾ ਹੈ। ਮੈਂ ਸਿੱਧੀ ਭੱਜ ਕੇ ਫਿਰ ਪਾਰਕ ਵਿੱਚ ਚਲੀ ਜਾਂਦੀ! ਕੀ ਅਸੀਂ ਪਰਮੇਸ਼ੁਰ ਨਾਲ ਵੀ ਬਿਲਕੁਲ ਇੰਝ ਹੀ ਨਹੀਂ ਕਰਦੇ? ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਪਿੱਛੇ ਚੱਲੀਏ, ਪਰ ਅਸੀਂ ਆਪਣੀ ਮਰਜ਼ੀ ਦੇ ਰਾਹ ਜਾਣਾ ਚਾਹੁੰਦੇ ਹਾਂ। ਪਰਮੇਸ਼ੁਰ ਦਾ ਸ਼ੁਕਰ ਹੈ ਕਿ ਉਹ ਸਾਡੇ ਤੋਂ ਹਾਰ ਨਹੀਂ ਮੰਨਦਾ! ਜਿਵੇਂ ਮੇਰੇ ਪਿਤਾ ਜੀ ਉੱਥੇ ਹੀ ਮੇਰੀ ਉਡੀਕ ਕਰ ਰਹੇ ਸਨ, ਉਸੇ ਤਰ੍ਹਾਂ ਸਵਰਗੀ ਪਿਤਾ ਸਾਡੀ ਉਡੀਕ ਕਰਦਾ ਹੈ।
ਮੈਨੂੰ ਵਾਰ-ਵਾਰ ਗੁਆਚੇ ਹੋਏ ਪੁੱਤਰ ਦਾ ਦ੍ਰਿਸ਼ਟਾਂਤ (ਲੂਕਾ 15) ਯਾਦ ਆਉਂਦਾ ਹੈ। ਇਸ ਪੁੱਤਰ ਨੇ ਆਪਣੇ ਹਿੱਸੇ ਦੀ ਸਾਰੀ ਜਾਇਦਾਦ ਉਡਾ ਦਿੱਤੀ ਸੀ, ਅਤੇ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣੇ ਪਿਤਾ ਦੇ ਘਰ ਵਾਪਸ ਜਾਣਾ ਚਾਹੀਦਾ ਹੈ।
ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਤਾ ਨੇ ਉਸ ਨੂੰ ਵੇਖਿਆ
ਉਸ ਦਾ ਪਿਤਾ ਆਪਣੇ ਲਾਡਲੇ ਪੁੱਤਰ ਦੇ ਘਰ ਮੁੜਨ ਦੀ ਉਡੀਕ ਕਰ ਰਿਹਾ ਸੀ ਅਤੇ ਉਸ ਦਾ ਰਾਹ ਤੱਕ ਰਿਹਾ ਸੀ!
ਮਸੀਹੀ ਹੋਣ ਦੇ ਨਾਤੇ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡਾ ਸਵਰਗੀ ਪਿਤਾ ਸੱਚਮੁੱਚ ਕਿੰਨਾ ਪਿਆਰ ਕਰਨ ਵਾਲਾ, ਕਿਰਪਾਲੂ, ਦਿਆਲੂ ਅਤੇ ਤਰਸਵਾਨ ਹੈ!
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਤੁਹਾਨੂੰ ਕਦੋਂ ਇਕੱਲਾਪਣ ਮਹਿਸੂਸ ਹੋਇਆ ਹੈ? ਪਰਮੇਸ਼ੁਰ ਦਾ ਇਹ ਵਾਅਦਾ ਕਿ ਉਹ ਤੁਹਾਨੂੰ ਕਦੇ ਨਹੀਂ ਤਿਆਗੇਗਾ, ਤੁਹਾਨੂੰ ਉਸ ਉੱਤੇ ਭਰੋਸਾ ਰੱਖਣ ਦਾ ਹੌਸਲਾ ਕਿਵੇਂ ਦਿੰਦਾ ਹੈ?
ਪ੍ਰਾਰਥਨਾ
ਪਿਤਾ ਜੀ, ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਕਦੇ ਨਹੀਂ ਛੱਡੋਗੇ, ਨਾ ਕਦੇ ਤਿਆਗੋਗੇ। ਜਦੋਂ ਮੈਨੂੰ ਇਕੱਲਾਪਣ ਲੱਗੇ, ਤਦ ਵੀ ਤੁਹਾਡੇ ਪਿਆਰ ਉੱਤੇ ਭਰੋਸਾ ਰੱਖਣ ਵਿੱਚ ਮੇਰੀ ਮਦਦ ਕਰੋ। ਮੈਨੂੰ ਆਪਣੇ ਨੇੜੇ ਖਿੱਚੋ, ਅਤੇ ਮੈਨੂੰ ਅਜਿਹਾ ਦਿਲ ਦਿਓ ਜੋ ਖ਼ੁਸ਼ੀ ਨਾਲ ਉੱਥੇ ਚੱਲੇ ਜਿੱਥੇ ਤੁਸੀਂ ਲੈ ਕੇ ਜਾਓ। ਆਮੀਨ।