ਦਿਨ 14 / 30
ਸੱਚੀ ਬਰਾਬਰੀ
ਬਾਈਬਲ ਵਿੱਚੋਂ ਪਾਠ
18 ਪਰ ਹੁਣ ਪਰਮੇਸ਼ੁਰ ਨੇ ਜਿਸ ਪ੍ਰਕਾਰ ਉਹ ਨੂੰ ਭਾਉਂਦਾ ਸੀ, ਅੰਗਾਂ ਨੂੰ ਇੱਕ-ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ। 19 ਪਰ ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ? 20 ਪਰ ਹੁਣ ਤਾਂ ਬਹੁਤੇ ਅੰਗ ਹਨ, ਪਰ ਸਰੀਰ ਇੱਕੋ ਹੈ। 21 ਅੱਖ ਹੱਥ ਨੂੰ ਨਹੀਂ ਆਖ ਸਕਦੀ ਕਿ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰ ਨੂੰ ਕਿ ਮੈਨੂੰ ਤੁਹਾਡੀ ਕੋਈ ਲੋੜ ਨਹੀਂ l
ਜਿਨ੍ਹਾਂ ਲੋਕਾਂ ਦੇ ਵਾਲ ਕੁਦਰਤੀ ਤੌਰ ਤੇ ਸਿੱਧੇ ਹੁੰਦੇ ਹਨ, ਉਹ ਅਕਸਰ ਘੁੰਗਰਾਲੇ ਵਾਲ ਚਾਹੁੰਦੇ ਹਨ। ਜਿਨ੍ਹਾਂ ਦੇ ਵਾਲ ਘੁੰਗਰਾਲੇ ਹੁੰਦੇ ਹਨ, ਉਹ ਸਿੱਧੇ ਵਾਲ ਚਾਹੁੰਦੇ ਹਨ। ਅਸੀਂ ਕਦੇ ਸੰਤੁਸ਼ਟ ਕਿਉਂ ਨਹੀਂ ਹੁੰਦੇ? ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਿਉਂ ਕਰਦੇ ਹਾਂ ਅਤੇ ਜੋ ਸਾਡੇ ਕੋਲ ਹੈ, ਉਸ ਤੋਂ ਨਾਖ਼ੁਸ਼ ਕਿਉਂ ਰਹਿੰਦੇ ਹਾਂ?
ਤੁਹਾਨੂੰ ਪਤਾ ਹੈ, ਇਹ ਗੱਲ ਅਕਸਰ ਚਰਚ ਵਿੱਚ ਵੀ ਹੁੰਦੀ ਹੈ। ਲੋਕ ਚਾਹੁੰਦੇ ਹਨ ਕਿ ਉਹ ਫਲਾਣੇ ਵਾਂਗ ਗਾ ਸਕਣ ਜਾਂ Joe ਵਾਂਗ ਪਿਆਨੋ ਵਜਾ ਸਕਣ। ਲੋਕ ਸੋਚਦੇ ਹਨ ਕਿ ਦੂਜਿਆਂ ਵਿੱਚ ਤਾਂ ਬਹੁਤ ਗੁਣ ਹਨ ਅਤੇ ਉਨ੍ਹਾਂ ਕੋਲ ਆਪ ਦੇਣ ਲਈ ਬਹੁਤਾ ਕੁਝ ਨਹੀਂ।
ਇਹ ਸੱਚ ਨਹੀਂ ਹੈ! ਪਰਮੇਸ਼ੁਰ ਨੇ ਚਰਚ ਨੂੰ ਇਸ ਤਰ੍ਹਾਂ ਚੱਲਣ ਲਈ ਨਹੀਂ ਬਣਾਇਆ!
ਮਸੀਹ ਦੇ ਸਰੀਰ ਵਿੱਚ ਹਰ ਕੋਈ ਬਰਾਬਰ ਹੈ! ਅਰਾਧਨਾ ਦੀ ਅਗਵਾਈ ਕਰਨ ਵਾਲਾ ਉਸ ਇਨਸਾਨ ਨਾਲੋਂ ਵੱਧ ਜ਼ਰੂਰੀ ਨਹੀਂ ਜੋ ਦਰੀਆਂ ਉੱਤੇ ਵੈਕਿਊਮ ਕਰਦਾ ਹੈ! ਪਾਸਟਰ ਸੰਡੇ ਸਕੂਲ ਦੇ ਅਧਿਆਪਕ ਨਾਲੋਂ ਵੱਧ ਜ਼ਰੂਰੀ ਨਹੀਂ! ਕੀ ਇਹ ਜਾਣ ਕੇ ਮਨ ਹਲਕਾ ਨਹੀਂ ਹੋ ਜਾਂਦਾ?!
ਯਿਸੂ ਦੇ ਪਿੱਛੇ ਚੱਲੋ ਅਤੇ ਉਹ ਕਰੋ ਜੋ ਕਰਨ ਲਈ ਉਹ ਤੁਹਾਨੂੰ ਸੱਦਦਾ ਹੈ। ਉਸ ਦੇ ਨੇੜੇ ਰਹੋ। ਉਸ ਨੂੰ ਆਪਣੇ ਸਾਰੇ ਦਿਲ, ਮਨ ਅਤੇ ਤਾਕਤ ਨਾਲ ਪਿਆਰ ਕਰੋ। ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਛੱਡ ਦਿਓ। ਇਸ ਗੱਲ ਦੀ ਪਰਵਾਹ ਕਰੋ ਕਿ ਉਹ ਤੁਹਾਡੇ ਬਾਰੇ ਕੀ ਸੋਚਦਾ ਹੈ। ਤੁਸੀਂ ਕਦੇ ਵੀ ਸਾਰੇ ਲੋਕਾਂ ਨੂੰ ਖ਼ੁਸ਼ ਨਹੀਂ ਕਰ ਸਕੋਗੇ, ਪਰ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹੋ।
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਕੀ ਤੁਸੀਂ ਆਪਣੇ ਗੁਣਾਂ ਜਾਂ ਆਪਣੀ ਭੂਮਿਕਾ ਦੀ ਤੁਲਨਾ ਕਿਸੇ ਹੋਰ ਨਾਲ ਕਰਦੇ ਰਹੇ ਹੋ? ਜੋ ਕੰਮ ਕਰਨ ਲਈ ਪਰਮੇਸ਼ੁਰ ਨੇ ਤੁਹਾਨੂੰ ਸੱਦਿਆ ਹੈ, ਉਸ ਨੂੰ ਤੁਸੀਂ ਵਫ਼ਾਦਾਰੀ ਨਾਲ ਕਿਵੇਂ ਕਰ ਸਕਦੇ ਹੋ?
ਪ੍ਰਾਰਥਨਾ
ਪਿਤਾ ਜੀ, ਤੁਹਾਡਾ ਧੰਨਵਾਦ ਕਿ ਤੁਹਾਡੇ ਪਰਿਵਾਰ ਵਿੱਚ ਹਰ ਇਨਸਾਨ ਦੀ ਕਦਰ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਛੱਡਣ ਅਤੇ ਖ਼ੁਸ਼ੀ ਭਰੇ ਦਿਲ ਨਾਲ ਤੁਹਾਡੀ ਸੇਵਾ ਕਰਨ ਵਿੱਚ ਮੇਰੀ ਮਦਦ ਕਰੋ। ਮੈਨੂੰ ਤੁਹਾਡੀ ਮਰਜ਼ੀ ਜਾਣਨ ਅਤੇ ਤੁਹਾਨੂੰ ਖ਼ੁਸ਼ ਕਰਨ ਵਾਲੀ ਜ਼ਿੰਦਗੀ ਜੀਉਣ ਲਈ ਬੁੱਧ ਦਿਓ। ਆਮੀਨ।