ਦਿਨ 17 / 30
ਪਰਮੇਸ਼ੁਰ ਤੁਹਾਡੇ ਸਾਹ ਨਾਲੋਂ ਵੀ ਨੇੜੇ ਹੈ
38 ਕਿਉਂ ਜੋ ਮੈਨੂੰ ਵਿਸ਼ਵਾਸ ਹੈ, ਕਿ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ। 39 ਅਤੇ ਨਾ ਉਚਿਆਈ, ਨਾ ਡੂੰਘਿਆਈ, ਅਤੇ ਨਾ ਕੋਈ ਹੋਰ ਸ੍ਰਿਸ਼ਟੀ ਮੈਨੂੰ ਪਰਮੇਸ਼ੁਰ ਦੇ ਉਸ ਪਿਆਰ ਤੋਂ ਜੋ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਹੈ, ਸਾਨੂੰ ਅਲੱਗ ਕਰ ਸਕੇਗੀ।
ਮੈਂ St. John’s ਦੇ ਇੱਕ ਸਕੂਲ ਵਿੱਚ ਫ਼ਰੈਂਚ ਪੜ੍ਹਾਉਂਦੀ ਸੀ। ਇੱਕ ਦਿਨ ਮੈਨੂੰ ਆਪਣੀ ਮਾਂ ਦਾ ਬਿਲਕੁਲ ਅਚਾਨਕ ਫ਼ੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਮੇਰੇ ਪਿਤਾ ਜੀ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਨੂੰ Grand Falls ਦੇ ਹਸਪਤਾਲ ਲੈ ਗਏ ਹਨ। ਜਦੋਂ ਤੱਕ Steve ਅਤੇ ਮੈਂ ਹਸਪਤਾਲ ਪਹੁੰਚੇ, ਡੈਡੀ ਦੀ ਹਾਲਤ ਸੰਭਲ ਚੁੱਕੀ ਸੀ। ਕਿੰਨੀ ਤਸੱਲੀ ਹੋਈ!
ਪਰ ਫਿਰ ਇੱਕ ਰਾਤ, ਬਹੁਤ ਦੇਰ ਨਾਲ, ਸਾਨੂੰ ਫ਼ੋਨ ਆਇਆ ਕਿ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ ਹੈ।
ਮੈਨੂੰ ਯਾਦ ਹੈ, ਜਦੋਂ ਮੈਂ ਹਸਪਤਾਲ ਵਿੱਚ ਉਨ੍ਹਾਂ ਦੇ ਕਮਰੇ ਵਿੱਚ ਗਈ, ਮੈਂ ਵੇਖ ਸਕਦੀ ਸੀ ਕਿ ਉਨ੍ਹਾਂ ਦਾ ਦਿਲ ਬੇਤਹਾਸ਼ਾ ਧੜਕ ਰਿਹਾ ਸੀ। ਧੜਕਣ ਇੰਨੀ ਤੇਜ਼ ਸੀ ਕਿ ਮੈਨੂੰ ਸੱਚਮੁੱਚ ਉਨ੍ਹਾਂ ਦੀ ਛਾਤੀ ਹਿੱਲਦੀ ਦਿਸਦੀ ਸੀ। ਮੈਨੂੰ ਬਹੁਤ ਡਰ ਲੱਗਾ ਕਿ ਉਹ ਬਚਣਗੇ ਨਹੀਂ। ਮੈਨੂੰ ਯਾਦ ਹੈ ਕਿ ਮੈਂ ਆਪਣੇ ਪਿਤਾ ਜੀ ਉੱਤੇ ਇਹ ਸ਼ਬਦ ਬੋਲੇ: “ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, ਅਤੇ ਯਹੋਵਾਹ ਦੇ ਕੰਮਾਂ ਦਾ ਵਰਣਨ ਕਰਾਂਗਾ।” (ਜ਼ਬੂਰ 118:17, IRV ਉੱਤੇ ਅਧਾਰਿਤ।)
ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੈ ਕਿ ਮੇਰੇ ਪਿਤਾ ਜੀ ਉਸ ਮੁਸੀਬਤ ਵਿੱਚੋਂ ਠੀਕ ਹੋ ਕੇ ਨਿੱਕਲ ਆਏ!
ਮੈਂ ਇਹ ਕਹਾਣੀ ਇਸ ਲਈ ਸੁਣਾ ਰਹੀ ਹਾਂ ਕਿਉਂਕਿ ਬਾਅਦ ਵਿੱਚ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਗੱਲ ਦੱਸੀ। ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਮਰਨ ਤੋਂ ਡਰ ਲੱਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਡਰ ਨਹੀਂ ਸੀ।
ਉਨ੍ਹਾਂ ਨੇ ਮੈਨੂੰ ਇੱਕ ਡੂੰਘੀ ਗੱਲ ਵੀ ਸਮਝਾਈ – ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਪੱਕਾ ਪਤਾ ਨਹੀਂ ਸੀ ਕਿ ਉਹ ਅਗਲਾ ਸਾਹ ਲੈ ਸਕਣਗੇ ਜਾਂ ਨਹੀਂ, ਪਰ ਉਨ੍ਹਾਂ ਨੂੰ ਪੱਕਾ ਪਤਾ ਸੀ ਕਿ ਪਰਮੇਸ਼ੁਰ ਉੱਥੇ ਉਨ੍ਹਾਂ ਦੇ ਨਾਲ ਹੈ। “ਪਰਮੇਸ਼ੁਰ ਤੇਰੇ ਸਾਹ ਨਾਲੋਂ ਵੀ ਨੇੜੇ ਹੈ!”
ਜਦੋਂ ਮੈਨੂੰ ਡਰ ਲੱਗਦਾ ਹੈ, ਇਹ ਸੱਚਾਈ ਮੈਨੂੰ ਹੌਸਲਾ ਦਿੰਦੀ ਹੈ। ਕੀ ਤੁਸੀਂ ਕਦੇ Gordon Jensen ਦਾ ਗੀਤ He’s as Close as the Mention of His Name (“ਉਹ ਓਨਾ ਹੀ ਨੇੜੇ ਹੈ ਜਿੰਨਾ ਉਸ ਦਾ ਨਾਮ ਲੈਣਾ”) ਸੁਣਿਆ ਹੈ? ਮੇਰਾ ਮੰਨਣਾ ਹੈ ਕਿ ਉਹ ਉਸ ਤੋਂ ਵੀ ਨੇੜੇ ਹੈ। ਜਦੋਂ ਅਸੀਂ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ, ਪਰਮੇਸ਼ੁਰ ਉਦੋਂ ਵੀ ਉੱਥੇ ਹੁੰਦਾ ਹੈ। ਜਦੋਂ ਤੁਹਾਡਾ ਅਗਲਾ ਸਾਹ ਨਹੀਂ ਆਉਂਦਾ, ਪਰਮੇਸ਼ੁਰ ਉਦੋਂ ਵੀ ਉੱਥੇ ਹੁੰਦਾ ਹੈ!
ਮੌਤ ਵੀ ਤੁਹਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ! ਮਨ ਦੀ ਇਹ ਸ਼ਾਂਤੀ ਅਨਮੋਲ ਹੈ।
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਕਦੋਂ ਤੁਹਾਨੂੰ ਡਰ ਲੱਗਾ ਹੈ, ਜਾਂ ਪ੍ਰਾਰਥਨਾ ਕਰਨ ਲਈ ਸ਼ਬਦ ਨਹੀਂ ਲੱਭੇ? ਇਹ ਜਾਣਨਾ ਕਿ ਪਰਮੇਸ਼ੁਰ ਨੇੜੇ ਹੈ, ਤੁਹਾਡੇ ਲਈ ਕੀ ਮਾਇਨੇ ਰੱਖਦਾ ਹੈ?
ਪ੍ਰਾਰਥਨਾ
ਹੇ ਪਿਤਾ, ਮੇਰੇ ਨੇੜੇ ਰਹਿਣ ਲਈ ਤੇਰਾ ਧੰਨਵਾਦ, ਉਦੋਂ ਵੀ ਜਦੋਂ ਮੈਨੂੰ ਪ੍ਰਾਰਥਨਾ ਕਰਨ ਲਈ ਸ਼ਬਦ ਨਹੀਂ ਲੱਭਦੇ। ਜਦੋਂ ਮੈਨੂੰ ਡਰ ਲੱਗੇ, ਮੈਨੂੰ ਆਪਣੇ ਪਿਆਰ ਦੀ ਯਾਦ ਦਿਵਾ। ਮੇਰੀ ਮਦਦ ਕਰ ਕਿ ਹਰ ਅਣਜਾਣ ਪਲ ਵਿੱਚ ਮੈਂ ਤੇਰੀ ਹਜ਼ੂਰੀ ਉੱਤੇ ਭਰੋਸਾ ਰੱਖਾਂ। ਆਮੀਨ।