ਦਿਨ 22 / 30
ਜੀਵਨ ਦੇ ਸੋਹਣੇ ਬਚਨ
ਬਾਈਬਲ ਪਾਠ
16 ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ। 17 ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲਾਂ ਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। 18 ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।
ਮੈਨੂੰ ਪਵਿੱਤਰ ਸ਼ਾਸਤਰ ਬਹੁਤ ਪਿਆਰਾ ਹੈ। ਬਾਈਬਲ ਮੈਨੂੰ ਪ੍ਰੇਰਨਾ ਦਿੰਦੀ ਹੈ। ਬਾਈਬਲ ਮੈਨੂੰ ਸਿਖਾਉਂਦੀ ਹੈ ਕਿ ਕਿਵੇਂ ਜੀਉਣਾ ਹੈ। ਇਹ ਉਲਝੇ ਹੋਏ ਹਾਲਾਤਾਂ ਵਿੱਚੋਂ ਰਾਹ ਲੱਭਣ ਵਿੱਚ ਮੇਰੀ ਮਦਦ ਕਰਦੀ ਹੈ। ਮੈਂ ਵੇਖਿਆ ਹੈ ਕਿ ਬਾਈਬਲ ਦੀ ਸਲਾਹ ਸੱਚਮੁੱਚ ਕੰਮ ਕਰਦੀ ਹੈ। ਇਹ ਕਿਸੇ ਵੀ ਹੋਰ ‘ਸੈਲਫ਼-ਹੈਲਪ’ ਕਿਤਾਬ ਨਾਲੋਂ ਕਿਤੇ ਵੱਧ ਕੰਮ ਕਰਦੀ ਹੈ, ਕਿਉਂਕਿ ਬਾਈਬਲ ਮੇਰੇ ਲਈ ਪਰਮੇਸ਼ੁਰ ਦੇ ਆਪਣੇ ਸ਼ਬਦ ਹਨ। ਜ਼ਰਾ ਸੋਚੋ! ਪਰਮੇਸ਼ੁਰ ਨੇ ਮੇਰੇ ਪੜ੍ਹਨ ਲਈ ਜੀਵਨ ਦੇ ਬਚਨ ਲਿਖੇ ਹਨ। ਉਹ ਜੋ ਕਹਿੰਦਾ ਹੈ, ਮੈਨੂੰ ਉਸ ਨੂੰ ਅਣਸੁਣਿਆ ਨਹੀਂ ਕਰਨਾ ਚਾਹੀਦਾ।
ਬਾਈਬਲ ਚੀਜ਼ਾਂ ਨੂੰ ਸਹੀ ਨਜ਼ਰ ਨਾਲ ਵੇਖਣਾ ਸਿਖਾਉਂਦੀ ਹੈ। ਇਹ ਮੇਰੀ ਮਦਦ ਕਰਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਹਾਲਾਤਾਂ ਨੂੰ ਉਵੇਂ ਵੇਖਾਂ ਜਿਵੇਂ ਪਰਮੇਸ਼ੁਰ ਵੇਖਦਾ ਹੈ।
ਮਿਸਾਲ ਵਜੋਂ, ਉਨ੍ਹਾਂ ਮੁਸੀਬਤਾਂ ਨੂੰ ਲੈ ਲਓ ਜਿਨ੍ਹਾਂ ਵਿੱਚੋਂ ਤੁਸੀਂ ਸ਼ਾਇਦ ਇਸ ਵੇਲੇ ਲੰਘ ਰਹੇ ਹੋ। ਤੁਹਾਨੂੰ ਸ਼ਾਇਦ ਇਨ੍ਹਾਂ ਦਾ ਕੋਈ ਅੰਤ ਨਜ਼ਰ ਨਾ ਆਉਂਦਾ ਹੋਵੇ – ਨਾ ਸੁਰੰਗ ਦੇ ਅਖ਼ੀਰ ਵਿੱਚ ਕੋਈ ਚਾਨਣ ਦਿਸਦਾ ਹੈ, ਨਾ ਕਾਲੇ ਬੱਦਲ ਦੇ ਕੰਢੇ ਉੱਤੇ ਕੋਈ ਚਾਂਦੀ ਰੰਗੀ ਲਕੀਰ। ਸ਼ਾਇਦ ਤੁਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਪਰਮੇਸ਼ੁਰ ਤੁਹਾਨੂੰ ਕਰਨ ਲਈ ਕਹਿ ਰਿਹਾ ਹੈ, ਪਰ ਤੁਸੀਂ ਬਹੁਤ ਨਿਰਾਸ਼ ਹੋ। ਸ਼ਾਇਦ ਲੋਕ ਤੁਹਾਡੇ ਬਾਰੇ ਗੱਲਾਂ ਕਰ ਰਹੇ ਹਨ। ਸ਼ਾਇਦ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਇਸ ਹਾਲ ਵਿੱਚ ਕਿਉਂ ਹੋ!
ਜਦੋਂ ਮੈਂ ਇਹੋ ਜਿਹੇ ਵਚਨ ਪੜ੍ਹਦੀ ਹਾਂ, ਮੈਨੂੰ ਉਮੀਦ ਮਿਲਦੀ ਹੈ। ਬਹੁਤ ਵਾਰ ਸਹੀ ਕੰਮ ਕਰਨਾ ਸੌਖਾ ਨਹੀਂ ਹੁੰਦਾ। ਸੱਚਾਈ ਲਈ ਡਟੇ ਰਹਿਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਪਰਮੇਸ਼ੁਰ ਜੋ ਕਹਿੰਦਾ ਹੈ ਉਹ ਮੰਨਣਾ ਅਕਸਰ ਔਖਾ ਹੁੰਦਾ ਹੈ, ਕਿਉਂਕਿ ਇਹ ਅਕਸਰ ਦੁਨੀਆਂ ਦੀ ਚਾਲ ਦੇ ਉਲਟ ਜਾਂਦਾ ਹੈ… ਤੁਸੀਂ ਸਿਰਫ਼ ਵਹਾਅ ਦੇ ਨਾਲ ਨਹੀਂ ਵਹਿ ਰਹੇ ਹੁੰਦੇ।
ਅੱਜ ਤੁਹਾਨੂੰ ਭਾਵੇਂ ਕੋਈ ਵੀ ਸਤਾਓ ਜਾਂ ਮੁਸੀਬਤ ਝੱਲਣੀ ਪਵੇ, ਆਪਣੀ ਜ਼ਿੰਦਗੀ ਵਿੱਚ ਉਸ ਗੱਲ ਲਈ ਡਟੇ ਰਹੋ ਜੋ ਪਰਮੇਸ਼ੁਰ ਚਾਹੁੰਦਾ ਹੈ! ਜੇ ਤੁਸੀਂ ਇਹ ਕਰੋਗੇ, ਤਾਂ ਤੁਹਾਨੂੰ ਇੱਕ ਸ਼ਾਨਦਾਰ ਸਦੀਪਕ ਇਨਾਮ ਮਿਲੇਗਾ!
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਬਾਈਬਲ ਦੇ ਕਿਹੜੇ ਹਿੱਸੇ ਨੇ ਤੁਹਾਨੂੰ ਕਿਸੇ ਔਖੇ ਸਮੇਂ ਵਿੱਚ ਉਮੀਦ ਦਿੱਤੀ ਹੈ? ਉਹ ਤੁਹਾਡੇ ਅੱਜ ਦੇ ਹਾਲਾਤ ਨੂੰ ਵੇਖਣ ਵਿੱਚ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
ਪ੍ਰਾਰਥਨਾ
ਹੇ ਪਿਤਾ, ਜੀਵਨ ਦੇ ਉਨ੍ਹਾਂ ਬਚਨਾਂ ਲਈ ਤੇਰਾ ਧੰਨਵਾਦ ਜੋ ਤੂੰ ਸਾਨੂੰ ਬਾਈਬਲ ਵਿੱਚ ਦਿੱਤੇ ਹਨ। ਮੇਰੀ ਮਦਦ ਕਰ ਕਿ ਮੈਂ ਬੁੱਧ ਅਤੇ ਉਮੀਦ ਲਈ ਤੇਰੇ ਬਚਨ ਵੱਲ ਮੁੜਾਂ। ਜਦੋਂ ਮੈਂ ਨਿਰਾਸ਼ ਹੋਵਾਂ, ਮੈਨੂੰ ਤਾਕਤ ਦੇ ਕਿ ਮੈਂ ਸਹੀ ਕੰਮ ਕਰਾਂ ਅਤੇ ਆਪਣੀਆਂ ਅੱਖਾਂ ਉਨ੍ਹਾਂ ਚੀਜ਼ਾਂ ਉੱਤੇ ਲਾਈ ਰੱਖਾਂ ਜੋ ਸਦਾ ਰਹਿੰਦੀਆਂ ਹਨ। ਆਮੀਨ।