ਦਿਨ 28 / 30
ਦੂਰ ਨਾ ਭੱਜੋ
ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ। … ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ , ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ।
ਜਦੋਂ ਤੁਸੀਂ ਜ਼ਿੰਦਗੀ ਵਿੱਚ ਕੁਝ ਗ਼ਲਤ ਫ਼ੈਸਲੇ ਕਰ ਬੈਠੋ, ਤਾਂ ਕੀ ਕਰੋ? ਜਿੰਨੀ ਜਲਦੀ ਤੁਸੀਂ ਤੋਬਾ ਕਰੋਗੇ, ਓਨਾ ਹੀ ਤੁਹਾਡਾ ਭਲਾ ਹੋਵੇਗਾ। ਜਿੰਨੀ ਜਲਦੀ ਤੁਸੀਂ ਪਰਮੇਸ਼ੁਰ ਤੋਂ ਦੂਰ ਭੱਜਣ ਦੀ ਬਜਾਏ ਉਸ ਵੱਲ ਭੱਜਣਾ ਸ਼ੁਰੂ ਕਰੋਗੇ, ਓਨਾ ਹੀ ਸੌਖਾ ਮੁੜ ਸਹੀ ਰਾਹ ਉੱਤੇ ਆਉਣਾ ਹੋਵੇਗਾ। 5 ਪੌਂਡ ਫ਼ਾਲਤੂ ਭਾਰ ਘਟਾਉਣਾ 50 ਜਾਂ 100 ਪੌਂਡ ਘਟਾਉਣ ਨਾਲੋਂ ਕਿਤੇ ਸੌਖਾ ਹੈ!
ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਵੇਂ ਤੁਸੀਂ ਸਭ ਕੁਝ ਵਿਗਾੜ ਲਿਆ ਹੈ, ਪਰਮੇਸ਼ੁਰ ਫਿਰ ਵੀ ਤੁਹਾਨੂੰ ਪਿਆਰ ਕਰਦਾ ਹੈ। ਜੋ ਹਾਲਾਤ ਬਿਲਕੁਲ ਨਿਰਾਸ਼ਾ ਭਰੇ ਲੱਗਦੇ ਹਨ, ਉਹ ਉਨ੍ਹਾਂ ਨੂੰ ਵੀ ਪਲਟ ਸਕਦਾ ਹੈ। ਪਰ ਉਨ੍ਹਾਂ ਨੂੰ ਪਲਟਣ ਲਈ, ਤੁਹਾਨੂੰ ਪਲਟ ਕੇ ਉਸ ਵੱਲ ਮੁੜਨਾ ਪਵੇਗਾ!
ਜੇ ਤੁਹਾਨੂੰ ਕੁਝ ਬੁਰੀਆਂ ਆਦਤਾਂ ਪੈ ਗਈਆਂ ਹਨ, ਤਾਂ “ਛੱਡਣ ਦੀ ਕੋਸ਼ਿਸ਼ ਕਦੇ ਨਾ ਛੱਡੋ”। ਪਰਮੇਸ਼ੁਰ ਨੂੰ ਕਹੋ ਕਿ ਉਹ ਇਨ੍ਹਾਂ ਨੂੰ ਛੱਡਣ ਵਿੱਚ ਤੁਹਾਡੀ ਮਦਦ ਕਰੇ। ਉਸ ਦੀ ਤਾਕਤ ਨਾਲ ਤੁਸੀਂ ਇਹ ਕਰ ਸਕਦੇ ਹੋ!
ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਮੁੜ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਕੁਝ ਲੋਕ ਨਾਰਾਜ਼ ਹੋ ਸਕਦੇ ਹਨ। ਕੁਝ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਆਪਣੇ ਪੁਰਾਣੇ ਤੌਰ-ਤਰੀਕੇ ਬਦਲੋ। ਉਹ ਚਾਹੁੰਦੇ ਹਨ ਕਿ ਤੁਸੀਂ ਉਸੇ ਪੁਰਾਣੀ ਲੀਹ ਵਿੱਚ ਫਸੇ ਰਹੋ। ਕਿਰਪਾ ਕਰਕੇ ਅਜਿਹੇ ਲੋਕ ਲੱਭੋ ਜੋ ਤੁਹਾਨੂੰ ਆਪਣੀ ਜ਼ਿੰਦਗੀ ਪਰਮੇਸ਼ੁਰ ਦੇ ਹੱਥਾਂ ਵਿੱਚ ਸੌਂਪਣ ਲਈ ਹੌਸਲਾ ਦੇਣ। ਅਜਿਹੇ ਲੋਕ ਲੱਭੋ ਜੋ ਤੁਹਾਡੇ ਹਾਲਾਤ ਲਈ ਪ੍ਰਾਰਥਨਾ ਕਰਨ। ਜਦੋਂ ਤੁਸੀਂ ਮੁੜ ਸਹੀ ਰਾਹ ਉੱਤੇ ਆਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇਹੋ ਜਿਹੇ ਲੋਕਾਂ ਦੀ ਲੋੜ ਹੈ।
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਕੀ ਤੁਹਾਡੀ ਜ਼ਿੰਦਗੀ ਦਾ ਕੋਈ ਹਿੱਸਾ ਹੈ ਜਿਸ ਨੂੰ ਤੁਹਾਨੂੰ ਮੁੜ ਪਰਮੇਸ਼ੁਰ ਕੋਲ ਲਿਆਉਣ ਦੀ ਲੋੜ ਹੈ? ਜਦੋਂ ਤੁਸੀਂ ਉਹ ਕਦਮ ਚੁੱਕਦੇ ਹੋ, ਕੌਣ ਤੁਹਾਡੇ ਨਾਲ ਪ੍ਰਾਰਥਨਾ ਕਰ ਸਕਦਾ ਹੈ ਅਤੇ ਤੁਹਾਨੂੰ ਹੌਸਲਾ ਦੇ ਸਕਦਾ ਹੈ?
ਪ੍ਰਾਰਥਨਾ
ਹੇ ਪ੍ਰਭੂ, ਤੇਰਾ ਧੰਨਵਾਦ ਕਿ ਮੇਰੀਆਂ ਗ਼ਲਤ ਚੋਣਾਂ ਦੇ ਬਾਵਜੂਦ ਤੂੰ ਮੈਨੂੰ ਅਜੇ ਵੀ ਪਿਆਰ ਕਰਦਾ ਹੈਂ। ਮੇਰੀ ਮਦਦ ਕਰ ਕਿ ਮੈਂ ਤੇਰੇ ਵੱਲ ਮੁੜਾਂ, ਤੇਰੀ ਮਾਫ਼ੀ ਕਬੂਲ ਕਰਾਂ, ਅਤੇ ਉਹ ਕਦਮ ਚੁੱਕਾਂ ਜੋ ਮੈਨੂੰ ਚੁੱਕਣੇ ਚਾਹੀਦੇ ਹਨ। ਮੈਨੂੰ ਬਦਲਣ ਦੀ ਤਾਕਤ ਦੇ, ਅਤੇ ਇੰਨੀ ਨਿਮਰਤਾ ਦੇ ਕਿ ਮੈਂ ਦੂਜਿਆਂ ਦਾ ਹੌਸਲਾ ਅਤੇ ਮਦਦ ਕਬੂਲ ਕਰ ਸਕਾਂ। ਆਮੀਨ।