ਦਿਨ 26 / 30
ਪਰਮੇਸ਼ੁਰ ਵਿੱਚ ਵਧਣਾ
26 ਹੇ ਭਰਾਵੋ ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ। 27 ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ। 28 ਅਤੇ ਸੰਸਾਰ ਦੇ ਤੁਛ ਅਤੇ ਤਿਆਗੇ ਹੋਇਆ ਨੂੰ ਨਾਲੇ ਉਹਨਾਂ ਨੂੰ ਜਿਹੜੇ ਹੇ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਵਿਅਰਥ ਕਰੇ। 29 ਤਾਂ ਕਿ ਕੋਈ ਵੀ ਮਨੁੱਖ ਪਰਮੇਸ਼ੁਰ ਦੇ ਅੱਗੇ ਘਮੰਡ ਨਾ ਕਰੇ।
ਸ਼ਾਇਦ ਤੁਸੀਂ ਫ਼ੈਸਲਾ ਕੀਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਝ ਤਬਦੀਲੀਆਂ ਕਰੋਗੇ। ਸ਼ਾਇਦ ਤੁਸੀਂ ਸਿਹਤਮੰਦ ਖਾਣਾ ਖਾਣ ਜਾਂ ਵੱਧ ਕਸਰਤ ਕਰਨ ਜਾ ਰਹੇ ਹੋ। ਸ਼ਾਇਦ ਤੁਸੀਂ ਕੋਈ ਔਖੀ ਕਿਤਾਬ ਪੜ੍ਹਨ ਦਾ, ਜਾਂ ਕੋਈ ਨਵਾਂ ਹੁਨਰ ਸਿੱਖਣ ਲਈ ਕਲਾਸਾਂ ਲੈਣ ਦਾ ਫ਼ੈਸਲਾ ਕੀਤਾ ਹੈ।
ਤੁਹਾਡੇ ਵਿੱਚੋਂ ਬਹੁਤੇ ਜਾਣਦੇ ਹਨ ਕਿ ਤੰਦਰੁਸਤ ਸਰੀਰ ਲਈ ਕਸਰਤ ਕਰਨੀ, ਪੌਸ਼ਟਿਕ ਖਾਣਾ ਖਾਣਾ ਅਤੇ ਪੂਰਾ ਆਰਾਮ ਕਰਨਾ ਜ਼ਰੂਰੀ ਹੈ। ਤੁਹਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਆਤਮਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਕੁਝ ਅਸੂਲਾਂ ਉੱਤੇ ਚੱਲਣਾ ਜ਼ਰੂਰੀ ਹੈ। ਤੁਸੀਂ ਸ਼ਾਇਦ ਝੱਟ ਸੋਚ ਰਹੇ ਹੋਵੋਗੇ ਕਿ ਤੁਹਾਨੂੰ ਹੋਰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਹੋਰ ਬਾਈਬਲ ਪੜ੍ਹਨੀ ਚਾਹੀਦੀ ਹੈ ਜਾਂ ਹੋਰ ਚਰਚ ਜਾਣਾ ਚਾਹੀਦਾ ਹੈ। ਇਹ ਬਹੁਤ ਵਧੀਆ ਗੱਲਾਂ ਹਨ! ਪਰ ਮੈਂ ਤੁਹਾਨੂੰ ਹੌਸਲਾ ਦੇਣਾ ਚਾਹੁੰਦੀ ਹਾਂ ਕਿ ਇਸ ਤੋਂ ਵੀ ਅੱਗੇ ਵਧੋ ਅਤੇ ਹੋਰ ਕਸਰਤ ਕਰਨੀ ਸ਼ੁਰੂ ਕਰੋ – ਆਤਮਿਕ ਤੌਰ ’ਤੇ।
ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਕਰੀਏ। ਬਸ ਜਿਹੜੇ ਅਸੂਲ ਤੁਸੀਂ ਸਿੱਖੇ ਹਨ, ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰਨਾ ਸ਼ੁਰੂ ਕਰੋ। ਛੋਟੀ ਸ਼ੁਰੂਆਤ ਕਰੋ। ਮਿਸਾਲ ਵਜੋਂ, ਸ਼ਾਇਦ ਕਿਸੇ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੈ। ਜਦੋਂ ਵੀ ਤੁਸੀਂ ਉਸ ਇਨਸਾਨ ਨੂੰ ਵੇਖਦੇ ਹੋ, ਤੁਹਾਡਾ ਦਿਲ ਬੈਠ ਜਾਂਦਾ ਹੈ ਅਤੇ ਜੋ ਕੁਝ ਤੁਹਾਨੂੰ ਕਿਹਾ ਗਿਆ ਜਾਂ ਤੁਹਾਡੇ ਨਾਲ ਕੀਤਾ ਗਿਆ, ਜਿਸ ਨੇ ਤੁਹਾਨੂੰ ਇੰਨਾ ਦਰਦ ਦਿੱਤਾ, ਉਹ ਸਭ ਤੁਸੀਂ ਮੁੜ ਹੰਢਾਉਂਦੇ ਹੋ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਆਪਣੇ ਵੈਰੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ, ਪਰ ਇਸ ਮਾਮਲੇ ਵਿੱਚ ਤੁਸੀਂ ਅੱਗੇ ਵਧ ਹੀ ਨਹੀਂ ਪਾਉਂਦੇ। ਮੇਰੀ ਸਲਾਹ ਇਹ ਹੋਵੇਗੀ ਕਿ ਜਿਸ ਨੇ ਤੁਹਾਨੂੰ ਦੁੱਖ ਦਿੱਤਾ ਹੈ, ਉਸ ਲਈ ਪ੍ਰਾਰਥਨਾ ਕਰਨ ਤੋਂ ਸ਼ੁਰੂਆਤ ਕਰੋ। ਜਦੋਂ ਤੁਸੀਂ ਉਸ ਇਨਸਾਨ ਲਈ ਲਗਾਤਾਰ ਪ੍ਰਾਰਥਨਾ ਕਰਦੇ ਰਹੋਗੇ, ਤਾਂ ਉਹ ਬਹੁਤੀ ਦੇਰ ਤੁਹਾਡਾ ਵੈਰੀ ਨਹੀਂ ਰਹੇਗਾ। ਮੇਰੇ ਉੱਤੇ ਯਕੀਨ ਕਰੋ। ਤੁਹਾਡੇ ਦਿਲ ਵਿੱਚ ਕੁਝ ਹੋਵੇਗਾ ਅਤੇ ਤੁਸੀਂ ਮਹਿਸੂਸ ਕਰੋਗੇ ਕਿ ਦੁੱਖ ਅਤੇ ਮਾਫ਼ ਨਾ ਕਰ ਸਕਣ ਦੀਆਂ ਜ਼ੰਜੀਰਾਂ ਤੁਹਾਡੇ ਤੋਂ ਲਹਿ ਰਹੀਆਂ ਹਨ। ਆਖ਼ਰਕਾਰ ਤੁਸੀਂ ਹੋਰ ਵੀ ਮਸੀਹ ਵਰਗੇ ਇਨਸਾਨ ਬਣ ਜਾਓਗੇ। ਇਹੀ ਤਾਂ ਟੀਚਾ ਹੈ। ਤੁਹਾਡੇ ਵਿੱਚੋਂ ਕਈਆਂ ਨੇ ਬਦਲਣ ਦੀ ਕੋਸ਼ਿਸ਼ ਹੀ ਛੱਡ ਦਿੱਤੀ ਹੈ – ਤੁਸੀਂ ਪਹਿਲਾਂ ਬਦਲਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੁਰੀ ਤਰ੍ਹਾਂ ਨਾਕਾਮ ਹੋ ਗਏ।
ਪਰ ਹਰ ਕਿਸੇ ਲਈ ਉਮੀਦ ਹੈ! ਪਰਮੇਸ਼ੁਰ ਨੇ ਮੇਰੇ ਦਿਲ ਉੱਤੇ ਇਹ ਗੱਲ ਛਾਪ ਦਿੱਤੀ ਹੈ ਕਿ ਕੋਈ ਵੀ ਕਾਰਨ ਨਹੀਂ ਕਿ ਉਹ ਤੁਹਾਡੇ ਵਰਗੇ ਆਮ ਲੋਕਾਂ ਨੂੰ ਅਸਧਾਰਨ ਕੰਮ ਕਰਨ ਲਈ ਨਾ ਵਰਤ ਸਕੇ!
ਪਰਮੇਸ਼ੁਰ ਦੇ ਰਾਜ ਵਿੱਚ ਕੋਈ ਵੀ ਰੱਦ ਕੀਤਾ ਹੋਇਆ ਨਹੀਂ। ਕੋਈ ਵੀ ਬੇਕਾਰ ਸਮਝ ਕੇ ਛੱਡਿਆ ਹੋਇਆ ਨਹੀਂ। ਕੋਈ ਵੀ ਸੁੱਟਿਆ ਹੋਇਆ ਨਹੀਂ।
ਪਰਮੇਸ਼ੁਰ ਦੀ ਤਾਕਤ ਅਤੇ ਮਦਦ ਨਾਲ ਤੁਸੀਂ ਵੱਡੇ-ਵੱਡੇ ਕੰਮ ਕਰ ਸਕਦੇ ਹੋ!
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਬਾਈਬਲ ਦਾ ਕਿਹੜਾ ਅਸੂਲ ਤੁਸੀਂ ਅੱਜ ਤੋਂ ਅਮਲ ਵਿੱਚ ਲਿਆਉਣਾ ਸ਼ੁਰੂ ਕਰ ਸਕਦੇ ਹੋ? ਤੁਸੀਂ ਕਿਹੜਾ ਛੋਟਾ ਕਦਮ ਚੁੱਕ ਸਕਦੇ ਹੋ?
ਪ੍ਰਾਰਥਨਾ
ਹੇ ਪ੍ਰਭੂ, ਮੇਰੀ ਮਦਦ ਕਰ ਕਿ ਮੈਂ ਤੇਰੇ ਬਚਨ ਨੂੰ ਅਮਲ ਵਿੱਚ ਲਿਆਵਾਂ। ਮੈਨੂੰ ਛੋਟੇ-ਛੋਟੇ ਕਦਮਾਂ ਨਾਲ ਸ਼ੁਰੂਆਤ ਕਰਨ ਦੀ ਹਿੰਮਤ ਦੇ, ਅਤੇ ਵਧਦੇ ਰਹਿਣ ਦੀ ਤਾਕਤ ਦੇ। ਤੇਰਾ ਧੰਨਵਾਦ ਕਿ ਤੂੰ ਮੇਰੇ ਵਰਗੇ ਆਮ ਲੋਕਾਂ ਰਾਹੀਂ ਕੰਮ ਕਰ ਸਕਦਾ ਹੈਂ। ਆਮੀਨ।